ਬੁੱਢਾ ਘਰ (OLD HOUSE)

ਬੁੱਢਾ ਘਰ
ਹੈ ਚਿਰ ਹੋਇਆ,ਮੇਰਾ ਆਪਾ ਮੇਰੇ ਸੰਘ ਰੁਸ ਕੇ ਕਿਤੇ ਟੁਰ ਗਿਆ ਹੈ,
ਤੇ ਮੇਰੇ ਕੋਲ ਮੇਰਾ ਸੱਖਣਾ ਕਲਬੂਤ ਬਾਕੀ ਹੈ,ਤੇ ਮੇਰੇ ਘਰ ਦੀ ਦੀਵਾਰ ਤੇ ਛਾਈ ਉਦਾਸੀ ਹੈ,
ਤੇ ਮੇਰਾ ਘਰ ਉਹਦੇ ਟੁਰ ਜਾਣ ਪਿਛੋਂ, ਝੁਰ ਰਿਹਾ ਹੈ.
ਉਹ ਅਕਸਰ ਬਹੁਤ ਡੂੰਘੀ ਰਾਤ ਗਏ ਹੀ ਘਰ ਪਰਤਦਾ ਸੀ
ਤੇ ਸੂਰਜ ਹੁੰਦਿਆ ਓ ਘਰ ਦੀਆਂ ਵਿੱਥਾਂ ਤੋਂ ਡਰਦਾ ਸੀ,
ਮੈਨੂੰ ਉਹਦੀ ਦੇਵਦਾਸੀ ਭਟਕਣਾ ਅਕਸਰ ਡਰਾਉਂਦੀ ਸੀ,
ਤੇ ਉਹਦੀ ਅੱਖ ਦੀ ਵਹਿਸ਼ਤ ਜੀਵਣ ਸ਼ੀਸ਼ੇ ਨੂੰ ਖਾਂਦੀ ਸੀ,
ਤੇ ਉਹਦੀ ਚੱਪ ਬੁੱਢੇ ਘਰ ਦੇ ਜਾਲ ਹਿਲਾਉਂਦੀ ਸੀ.
ਮੈਂ ਇਕ ਦਿਨ ਚੱਪ ਵਿਚ ਉਹਨੂੰ ਘਰ ਦੀਆਂ ਕੰਧਾ ਦਿਖਾ ਬੈਠਾ
ਉਹ ਧੁੱਪ ਵਿਚ ਰੋਂਦੀਂਆ ਕੰਧਾ ਦੀ ਗਲ ਦਿਲ ਨਾਲ ਲਾ ਬੈਠਾ.
ਮੈਂ ਐਂਵੇ ਭੁਲ ਕੰਧਾਂ ਦੀ ਗਲ ਉਸਨੂੰ ਸੁਣਾ ਬੈਠਾ ਤੇ ਉਹਦਾ ਸਾਥ ਕੰਧਾਂ ਤੋਂ ਹਮੇਸ਼ਾ ਲਈ ਗਵਾ ਬੈਠਾ.
ਉਹ ਘਰ ਛੱਡਣ ਤੋਂ ਪਹਿਲਾਂ ਉਸ ਦਿਨ ਹਰ ਖੂੰਝੇ ਵਿਚ ਫਿਰਿਆ
ਤੇ ਘਰ ਵਿਚ ਖੰਘ ਰਹੀਆਂ ਬਿਮਾਰ ਸਬ ਇੱਟਾਂ ਦੇ ਗਲੀਂ ਮਿਲਿਆ.
ਤੇ ਉਸ ਮਨਹੂਸ ਦਿਨ ਪਿੱਛੋਂ ਕਦੇ ਉਹ ਘਰ ਨਹੀਂ ਮੁੜਿਆ
ਹੁਣ ਜਦ ਵੀ ਰੇਲ ਦੀ ਪਟੜੀ ਤੇ ਕੋਈ ਖੁਦਕੁਸ਼ੀ ਕਰਦਾ ਏ
ਜਾਂ ਟੋਲਾ ਭਿਕਸ਼ੂਆਂ ਦਾ ਸਿਰ ਮੁੱਨੇ ਸ਼ਹਿਰ ਵਿਚ ਚਲਦਾ ਏ,
ਜਾਂ ਨਕਲਸਬਰਾਈ ਕੋਈ ਕਿਸੇ ਨੂੰ ਕਤਲ ਕਰਦਾ ਏ.
ਤੇ ਮੇਰੇ ਘਰ ਦੀਆਂ ਕੰਧਾਂ ਨੂੰ ਉਸ ਪਲ ਤਾਪ ਆ ਚੜਦਾ ‍ਏ,
ਤੇ ਬੁੱਢੇ ਘਰ ਦੀਆਂ ਬਿਮਾਰ ਇੱਟਾਂ ਦਾ ਬਦਨ ਠਰਦਾ ਏ.
ਇਹ ਬੁੱਢੇ ਘਰ ਦੀਆਂ ਬਿਮਾਰ ਇੱਟਾਂ ਨੂੰ ਭਰੋਸਾ ਹੈ,
ਓ ਜਿੱਥੇ ਵੀ ਹੇ ਜਿਸ ਹਾਲ ਵਿਚ ਵੀ ਹੇ ਬੇਦੋਸ਼ਾ ਹੈ,
ਉਹਨੂੰ ਘਰ ਤੇ ਨਹੀਂ ਘਰ ਦੀਆਂ ਕੰਧਾਂ ਤੇ ਰੋਸਾ ਹੈ.
ਹੈ ਚਿਰ ਹੋਇਆ,ਮੇਰਾ ਆਪਾ ਮੇਰੇ ਸੰਘ ਰੁਸ ਕੇ ਕਿਤੇ ਟੁਰ ਗਿਆ ਹੈ,
ਤੇ ਮੇਰੇ ਕੋਲ ਮੇਰਾ ਸੱਖਣਾ ਕਲਬੂਤ ਬਾਕੀ ਹੈ,ਜੋ ਬੁੱਢੇ ਘਰ ਦੀਆਂ ਹੁਣ ਮਰ ਰਹੀਆਂ ਕੰਧਾਂ ਦਾ ਸਾਥੀ ਹੈ.

0 comments: