Prof. Mohan Singh


ਹੁਸਣ
ਬੇ-ਖ਼ਬਰਾਂ ਬੇ-ਹੋਸ਼ਾ ਫੁੱਲਾ,
ਹੱਸ ਨਾ ਚਾਈ ਚਾਈ।
ਇਸ ਹਾਸੇ ਵਿਚ ਮੌਤ ਗਲੇਫ਼ੀ,
ਖ਼ਬਰ ਨਾ ਤੇਰੇ ਤਾਈ।
ਪੈ ਜਾ ਆਪਣੇ ਰਾਹੇ ਰਾਹੀ,
ਨਾ ਕਰ ਪੈਂਡਾ ਖੋਟਾ,
ਦੋ ਘੜੀ ਅਸਾਂ ਜੀਉਣਾ ਸਾਨੂੰ,
ਹਸਣੋਂ ਨਾ ਅਟਕਾਈ


ਆਪਣੀ ਜ਼ਾਤ

ਆਪਣੀ ਜ਼ਾਤ ਵਿਖਾਲਣ ਬਦਲੇ,
ਰੱਬ ਨੇ ਹੁਸਨ ਬਣਾਇਆ।
ਦੇਖ ਹੁਸਨ ਦੇ ਤਿੱਖੇ ਜਲਵੇ,
ਜ਼ੋਰ ਇਸ਼ਕ ਨੇ ਪਾਇਆ।
ਫੁਰਿਆ ਜਦੋਂ ਇਸ਼ਕ ਦਾ ਜਾਦੂ,
ਦਿਲ ਵਿਚ ਕੁੱਦੀ ਮਸਤੀ,
ਇਹ ਮਸਤੀ ਜਦ ਬੋਲ ਉਠੀ ਤਾਂ
ਹੜ੍ਹ ਕਵਿਤਾ ਦਾ ਆਇਆ

ਅੰਬੀ ਦਾ ਬੂਟਾ

ਇਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨੀ
ਜਿਸ ਥੱਲੇ ਬਹਿਣਾ ਨੀ, ਸੁਰਗਾਂ ਦਾ ਰਹਿਣਾ ਨੀ
ਕੀ ਉਸਦਾ ਕਹਿਣਾ ਨੀ, ਵਿਹੜੇ ਦਾ ਗਹਿਣਾ ਨੀ
ਪਰ ਮਾਹੀ ਬਾਝੋਂ ਨੀ, ਪਰਦੇਸੀ ਬਾਝੋਂ ਨੀ
ਇਹ ਮੈਨੂੰ ਵੱਢਦਾ ਏ, ਖੱਟਾ ਲਗਦਾ ਏ।
ਇਸ ਬੂਟੇ ਥੱਲੇ ਜੇ, ਮੈਂ ਚਰਖਾ ਡਾਹਨੀ ਆਂ
ਤੇ ਜੀ ਪਰਚਾਵਣ ਨੂੰ ਦੋ ਤੰਦਾਂ ਪਾਨੀ ਆਂ
ਕੋਇਲ ਦੀਆਂ ਕੂਕਾਂ ਨੀ ਮਾਰਨ ਬੰਦੂਕਾਂ ਨੀ
ਪੀਹੜੇ ਨੂੰ ਭੰਨਾਂ ਮੈਂ ਚਰਖੀ ਨੂੰ ਫੂਕਾਂ ਨੀ
ਫਿਰ ਡਰਦੀ ਭਾਬੋ ਤੋਂ ਲੈ ਬਹਾਂ ਕਸੀਦਾ ਨੀ
ਯਾਦਾਂ ਵਿਚ ਡੁੱਬੀ ਦਾ ਦਿਲ ਕਿਧਰੇ ਜੁੜ ਜਾਵੇ
ਤੇ ਸੂਈ ਕਸੀਦੇ ਦੀ ਪੋਟੇ ਵਿਚ ਪੁੜ ਜਾਵੇ।
ਫਿਰ ਉਂਠ ਕੇ ਪੀਹੜੇ ਤੋਂ ਮੈਂ ਭੁੰਜੇ ਬਹਿ ਜਾਵਾਂ
ਚੀਚੀ ਧਰ ਠੋਡੀ ‘ਤੇ ਵਹਿਣਾ ਵਿਚ ਵਹਿ ਜਾਵਾਂ
ਸੁੱਖਾਂ ਦੀਆਂ ਗੱਲਾਂ ਨੀ ਮੇਲਾਂ ਦੀਆਂ ਘੜੀਆਂ ਨੀ
ਖੀਰਾਂ ਤੇ ਪੂੜੇ ਨੀ ਸਾਵਣ ਦੀਆਂ ਝੜੀਆਂ ਨੀ
ਸੋਹਣੇ ਦੇ ਤਰਲੇ ਨੀ ਤੇ ਮੇਰੀਆਂ ਅੜੀਆਂ ਨੀ
ਜਾਂ ਚੇਤੇ ਆ ਜਾਵਣ ਲੋਹੜਾ ਹੀ ਪਾ ਜਾਵਣ।
ਉਹ ਕਿਹਾ ਦਿਹਾੜਾ ਸੀ ਉਹ ਭਾਗਾਂ ਵਾਲਾ ਸੀ
ਉਹ ਕਰਮਾਂ ਵਾਲਾ ਸੀ ਜਿਸ ਸ਼ੁੱਭ ਦਿਹਾੜੇ ਨੀ
ਘਰ ਮੇਰਾ ਲਾੜਾ ਸੀ
ਮੈਂ ਨ੍ਹਾਤੀ ਧੋਤੀ ਨੀ, ਮੈਂ ਵਾਲ ਵਧਾਏ ਨੀ
ਮੈਂ ਕਜਲਾ ਪਾਇਆ ਨੀ, ਮੈਂ ਗਹਿਣੇ ਲਾਏ ਨੀ
ਮਲ ਮਲ ਕੇ ਖੇੜੀ ਮੈਂ ਹੀਰੇ ਲਿਸ਼ਕਾਏ ਨੀ
ਲਾ ਲਾ ਕੇ ਬਿੰਦੀਆਂ ਮੈਂ ਕਈ ਫੰਬ ਬਣਾਏ ਨੀ
ਜਾਂ ਹਾਰ ਸ਼ਿੰਗਾਰਾਂ ਤੋਂ ਮੈਂ ਵਿਹਲੀ ਹੋਈ ਨੀ
ਆ ਅੰਬੀ ਥੱਲੇ ਨੀ ਫਿਰ ਪੂਣੀ ਛੋਹੀ ਨੀ।
ਉਹ ਚੰਦ ਪਿਆਰਾ ਵੀ, ਆ ਬੈਠਾ ਸਾਹਵੇਂ ਨੀ
ਅੰਬੀ ਦੀ ਛਾਵੇਂ ਨੀ, ਉਹ ਮੇਰੀਆਂ ਪ੍ਰੀਤਾਂ ਦਾ
ਸੋਹਣਾ ਵਣਜਾਰਾ ਨੀ
ਕਿੱਸੇ ਪਰਦੇਸਾਂ ਦੇ, ਲਾਮਾਂ ਦੀਆਂ ਗੱਲਾਂ ਨੀ
ਘੁਮਕਾਰ ਜਹਾਜ਼ਾਂ ਦੀ ਸਾਗਰ ਦੀਆਂ ਛੱਲਾਂ ਨੀ
ਵੈਰੀ ਦੇ ਹੱਲੇ ਨੀ ਸੋਹਣੇ ਦੀਆਂ ਠੱਲਾਂ ਨੀ
ਉਹ ਦੱਸੀ ਜਾਵੇ ਤੇ ਮੈਂ ਭਰਾਂ ਹੁੰਗਾਰਾਂ ਨੀ।
ਉਸ ਗੱਲਾਂ ਕਰਦੇ ਨੂੰ ਪੱਤਿਆਂ ਦੀ ਖੜ ਖੜ ਨੇ
ਬੱਦਲਾਂ ਦੀ ਸ਼ੂਕਰ ਨੇ ਵੰਗਾਂ ਦੀ ਛਣ ਛਣ ਨੇ
ਚਰਖੀ ਦੀ ਘੂਕਰ ਨੇ, ਟੱਪਿਆਂ ਦੀ ਲੋਰੀ ਨੇ
ਕੋਇਲ ਦੀ ਕੂਕਰ ਨੇ ਮੰਜੇ ‘ਤੇ ਪਾ ਦਿੱਤਾ
ਤੇ ਘੂਕ ਸੁਲਾ ਦਿੱਤਾ।
ਤੱਕ ਸੁੱਤਾ ਮਾਹੀ ਨੀ, ਚਰਖੀ ਚਰਮਖ ਤੋਂ
ਮੈਂ ਕਾਲਖ ਲਾਹੀ ਨੀ, ਜਾ ਸੁੱਤੇ ਸੋਹਣੇ ਦੇ
ਮੱਥੇ ‘ਤੇ ਲਾਈ ਨੀ, ਮੈਂ ਤਾੜੀ ਲਾਈ ਨੀ
ਮੈਂ ਦੋਹਰੀ ਹੋ ਗਈ ਨੀ, ਮੈਂ ਚੌਹਰੀ ਹੋ ਗਈ ਨੀ
ਉਹ ਉਂਠ ਖਲੋਇਆ ਨੀ, ਘਬਰਾਇਆ ਹੋਇਆ ਨੀ
ਉਹ ਬਿਟ ਬਿਟ ਤੱਕੇ ਨੀ, ਉਹ ਮੁੜ ਮੁੜ ਪੁੱਛੇ ਨੀ
ਮੈਂ ਗੱਲ ਨਾ ਦੱਸਾਂ ਨੀ।
ਤੱਕ ਸ਼ੀਸ਼ਾ ਚਰਖੀ ਦਾ ਉਸ ਘੂਰੀ ਪਾਈ ਨੀ
ਮੈਂ ਚੁੰਗੀ ਲਾਈ ਨੀ
ਉਹ ਪਿੱਛੇ ਭੱਜਾ ਨੀ, ਮੈਂ ਦਿਆਂ ਨਾ ਡਾਹੀ ਨੀ
ਉਸ ਮਾਣ ਜਵਾਨੀ ਦਾ, ਮੈਂ ਹੱਠ ਜ਼ਨਾਨੀ ਦਾ
ਮੈਂ ਅੱਗੇ ਅੱਗੇ ਨੀ, ਉਹ ਪਿੱਛੇ ਪਿੱਛੇ ਨੀ
ਮੰਜੀ ਦੇ ਗਿਰਦੇ ਨੀ ਅੰਬੀ ਦੇ ਗਿਰਦੇ ਨੀ
ਨੱਸਦੇ ਵੀ ਜਾਈਏ ਨੀ, ਹੱਸਦੇ ਵੀ ਜਾਈਏ ਨੀ
ਉਹਦੀ ਚਾਦਰ ਖੜਕੇ ਨੀ, ਮੇਰੀ ਕੋਠੀ ਧੜਕੇ ਨੀ
ਉਹਦੀ ਜੁੱਤੀ ਚੀਕੇ ਨੀ ਮੇਰੀ ਝਾਂਜਰ ਛਣਕੇ ਨੀ
ਉਹਦੀ ਪਗੜੀ ਢਹਿ ਪਈ ਨੀ
ਮੇਰੀ ਚੁੰਨੀ ਲਹਿ ਗਈ ਨੀ
ਜਾਂ ਹ/ ਕੇ ਰਹਿ ਗਏ ਨੀ
ਚੁੱਪ ਕਰ ਕੇ ਬਹਿ ਗਏ ਨੀ
ਉਹ ਕਿਹਾ ਦਿਹਾੜਾ ਸੀ ਉਹ ਭਾਗਾਂ ਵਾਲਾ ਸੀ
ਉਹ ਕਰਮਾਂ ਵਾਲਾ ਸੀ ਜਿਸ ਸ਼ੁਭ ਦਿਹਾੜੇ ਨੀ
ਘਰ ਮੇਰਾ ਲਾੜਾ ਸੀ।
ਅੱਜ ਖਾਣ ਹਵਾਵਾਂ ਨੀ, ਅੱਜ ਸਾੜਨ ਛਾਵਾਂ ਨੀ
ਤਰਖਾਣ ਸਦਾਵਾਂ ਨੀ, ਅੰਬੀ ਕਟਵਾਵਾਂ ਨੀ
ਤੋਬਾ ਮੈਂ ਭੁੱਲੀ ਨੀ, ਹਾੜਾ ਮੈਂ ਭੁੱਲੀ ਨੀ
ਜੇ ਅੰਬੀ ਕੱਟਾਂਗੀ, ਚੜ੍ਹ ਕਿਸ ਦੇ ਉਂਤੇ
ਰਾਹ ਢੋਲੇ ਦਾ ਤੱਕਾਂਗੀ।

ਸ਼ਹੀਦ ਭਗਤ ਸਿੰਘ

ਉਸ ਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ 

ਉਸ ਨੇ ਸਿਰਫ਼ ਇਹ ਕਿਹਾ ਸੀ ,ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ 
ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ  ਮੈਨੂੰ ਅੱਜ--ਕੱਲ੍ਹ ਨਾਜ਼ ਹੈ ਆਪਣੇ ਆਪ ‘ਤੇ 
ਹੁਣ ਤਾਂ ਬੜੀ ਬੇਤਾਬੀ ਨਾਲ ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ
 ਤੇ ਆਖਰੀ ਇਮਤਿਹਾਨ ਵਿਚੋਂ ਉਹ ਇਸ ਸ਼ਾਨ ਨਾਲ ਪਾਸ ਹੋਇਆ 
ਕਿ ਮਾਂ ਨੂੰ ਨਾਜ਼ ਹੋਇਆ ਆਪਣੀ ਕੁੱਖ ‘ਤੇ ਉਸ ਨੇ ਕਦ ਕਿਹਾ ਸੀ : ਮੈਂ ਸ਼ਹੀਦ ਹਾਂ
ਸ਼ਹੀਦ ਤਾਂ ਉਸ ਨੂੰ ਧਰਤੀ ਨੇ ਕਿਹਾ ਸੀ
 ਸ਼ਹੀਦ ਤਾਂ ਉਸ ਨੂੰ ਸਤਲੁਜ ਦੀ ਗਵਾਹੀ ਤੇ ਪੰਜਾਂ ਪਾਣੀਆਂ ਨੇ ਕਿਹਾ ਸੀ
 ਗੰਗਾ ਨੇ ਕਿਹਾ ਸੀ ਬ੍ਰਹਮਪੁੱਤਰ ਨੇ ਕਿਹਾ ਸੀ 
ਉਸ ਨੂੰ ਸ਼ਾਇਦ ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ-ਪੱਤੇ ਨੇ ਕਿਹਾ ਸੀ 
ਤੁਸੀਂ ਹੁਣ ਧਰਤੀ ਨਾਲ ਲੜ ਪਏ ਹੋ ਤੁਸੀਂ ਹੁਣ ਦਰਿਆਵਾਂ ਨਾਲ ਲੜ ਪਏ ਹੋ 
ਤੁਸੀਂ ਹੁਣ ਰੁੱਖਾਂ ਦੇ ਪੱਤਿਆਂ ਨਾਲ ਲੜ ਪਏ ਹੋ ਮੈਂ ਬਸ ਤੁਹਾਡੇ ਲਈ ਦੁਆ ਹੀ ਕਰ ਸਕਦਾ ਹਾਂ 
ਕਿ ਰੱਬ ਤੁਹਾਨੂੰ ਬਚਾਵੇ ਧਰਤੀ ਦੀ ਬਦਸੀਸ ਤੋਂ ਦਰਿਆਵਾਂ ਦੀ ਬਦਦੁਆ ਤੋਂ ਰੁੱਖਾਂ ਦੀ ਹਾਅ ਤੋਂ ।
Surjit Patar

ਅੱਜ ਫੇਰ ਦਿਲ ਗਰੀਬ ਇਕ ਪਾਉਂਦਾ ਏ ਵਾਸਤਾ

ਅੱਜ ਫੇਰ ਦਿਲ ਗਰੀਬ ਇਕ ਪਾਉਂਦਾ ਏ ਵਾਸਤਾ
ਦੇਜ਼ਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ
ਮੁੱਦਤ ਹੋਈ ਏ ਦਰਦ ਦਾ ਕੋਈ ਜਾਮ ਪੀਤਿਆਂ
ਪੀੜਾਂ 'ਚ ਹੰਝੂ ਘੋਲ ਕੇ ਦੇਜ਼ਾ ਦੋ ਆਤਸ਼ਾ
ਕਾਗਜ਼ ਦੀ ਕੋਰੀ ਰੀਝ ਹੈ ਚੁੱਪ ਚਾਪ ਵੇਖਦੀ
ਸ਼ਬਦਾਂ ਦੇ ਖੱਲ 'ਚ ਬ ਤਕੱਦਾ ਗੀਤਾਂ ਦਾ ਕਾਫਲਾ
ਤੁਰਨਾਂ ਮੈਂ ਚਾਹੁੰਦਾ, ਪੈਰ ਵਿਚ ਕੰਡੇ ਦੀ ਲੈ ਕੇ ਪੀੜ
ਦੁੱਖ ਤੋਂ ਕਬਰ ਤਕ ਦੋਸਤਾ ਜਿੰਨਾ੍ ਵੀ ਹੈ ਫਾਸਲਾ
ਆ ਬੋਹਰ ਸ਼ਿਵ ਨੂੰ ਪੀੜ ਵੀ ਹੈ ਕੰਡ ਦੇ ਚੱਲੀ
ਰੱਖੀ ਸੀ ਜਿਹੜੀ ਓਸ ਨੇ ਮੁਦੱਤਾਂ ਤੋਂ ਦਾਸਤਾਂ

ਬੁੱਢਾ ਘਰ (OLD HOUSE)

ਬੁੱਢਾ ਘਰ
ਹੈ ਚਿਰ ਹੋਇਆ,ਮੇਰਾ ਆਪਾ ਮੇਰੇ ਸੰਘ ਰੁਸ ਕੇ ਕਿਤੇ ਟੁਰ ਗਿਆ ਹੈ,
ਤੇ ਮੇਰੇ ਕੋਲ ਮੇਰਾ ਸੱਖਣਾ ਕਲਬੂਤ ਬਾਕੀ ਹੈ,ਤੇ ਮੇਰੇ ਘਰ ਦੀ ਦੀਵਾਰ ਤੇ ਛਾਈ ਉਦਾਸੀ ਹੈ,
ਤੇ ਮੇਰਾ ਘਰ ਉਹਦੇ ਟੁਰ ਜਾਣ ਪਿਛੋਂ, ਝੁਰ ਰਿਹਾ ਹੈ.
ਉਹ ਅਕਸਰ ਬਹੁਤ ਡੂੰਘੀ ਰਾਤ ਗਏ ਹੀ ਘਰ ਪਰਤਦਾ ਸੀ
ਤੇ ਸੂਰਜ ਹੁੰਦਿਆ ਓ ਘਰ ਦੀਆਂ ਵਿੱਥਾਂ ਤੋਂ ਡਰਦਾ ਸੀ,
ਮੈਨੂੰ ਉਹਦੀ ਦੇਵਦਾਸੀ ਭਟਕਣਾ ਅਕਸਰ ਡਰਾਉਂਦੀ ਸੀ,
ਤੇ ਉਹਦੀ ਅੱਖ ਦੀ ਵਹਿਸ਼ਤ ਜੀਵਣ ਸ਼ੀਸ਼ੇ ਨੂੰ ਖਾਂਦੀ ਸੀ,
ਤੇ ਉਹਦੀ ਚੱਪ ਬੁੱਢੇ ਘਰ ਦੇ ਜਾਲ ਹਿਲਾਉਂਦੀ ਸੀ.
ਮੈਂ ਇਕ ਦਿਨ ਚੱਪ ਵਿਚ ਉਹਨੂੰ ਘਰ ਦੀਆਂ ਕੰਧਾ ਦਿਖਾ ਬੈਠਾ
ਉਹ ਧੁੱਪ ਵਿਚ ਰੋਂਦੀਂਆ ਕੰਧਾ ਦੀ ਗਲ ਦਿਲ ਨਾਲ ਲਾ ਬੈਠਾ.
ਮੈਂ ਐਂਵੇ ਭੁਲ ਕੰਧਾਂ ਦੀ ਗਲ ਉਸਨੂੰ ਸੁਣਾ ਬੈਠਾ ਤੇ ਉਹਦਾ ਸਾਥ ਕੰਧਾਂ ਤੋਂ ਹਮੇਸ਼ਾ ਲਈ ਗਵਾ ਬੈਠਾ.
ਉਹ ਘਰ ਛੱਡਣ ਤੋਂ ਪਹਿਲਾਂ ਉਸ ਦਿਨ ਹਰ ਖੂੰਝੇ ਵਿਚ ਫਿਰਿਆ
ਤੇ ਘਰ ਵਿਚ ਖੰਘ ਰਹੀਆਂ ਬਿਮਾਰ ਸਬ ਇੱਟਾਂ ਦੇ ਗਲੀਂ ਮਿਲਿਆ.
ਤੇ ਉਸ ਮਨਹੂਸ ਦਿਨ ਪਿੱਛੋਂ ਕਦੇ ਉਹ ਘਰ ਨਹੀਂ ਮੁੜਿਆ
ਹੁਣ ਜਦ ਵੀ ਰੇਲ ਦੀ ਪਟੜੀ ਤੇ ਕੋਈ ਖੁਦਕੁਸ਼ੀ ਕਰਦਾ ਏ
ਜਾਂ ਟੋਲਾ ਭਿਕਸ਼ੂਆਂ ਦਾ ਸਿਰ ਮੁੱਨੇ ਸ਼ਹਿਰ ਵਿਚ ਚਲਦਾ ਏ,
ਜਾਂ ਨਕਲਸਬਰਾਈ ਕੋਈ ਕਿਸੇ ਨੂੰ ਕਤਲ ਕਰਦਾ ਏ.
ਤੇ ਮੇਰੇ ਘਰ ਦੀਆਂ ਕੰਧਾਂ ਨੂੰ ਉਸ ਪਲ ਤਾਪ ਆ ਚੜਦਾ ‍ਏ,
ਤੇ ਬੁੱਢੇ ਘਰ ਦੀਆਂ ਬਿਮਾਰ ਇੱਟਾਂ ਦਾ ਬਦਨ ਠਰਦਾ ਏ.
ਇਹ ਬੁੱਢੇ ਘਰ ਦੀਆਂ ਬਿਮਾਰ ਇੱਟਾਂ ਨੂੰ ਭਰੋਸਾ ਹੈ,
ਓ ਜਿੱਥੇ ਵੀ ਹੇ ਜਿਸ ਹਾਲ ਵਿਚ ਵੀ ਹੇ ਬੇਦੋਸ਼ਾ ਹੈ,
ਉਹਨੂੰ ਘਰ ਤੇ ਨਹੀਂ ਘਰ ਦੀਆਂ ਕੰਧਾਂ ਤੇ ਰੋਸਾ ਹੈ.
ਹੈ ਚਿਰ ਹੋਇਆ,ਮੇਰਾ ਆਪਾ ਮੇਰੇ ਸੰਘ ਰੁਸ ਕੇ ਕਿਤੇ ਟੁਰ ਗਿਆ ਹੈ,
ਤੇ ਮੇਰੇ ਕੋਲ ਮੇਰਾ ਸੱਖਣਾ ਕਲਬੂਤ ਬਾਕੀ ਹੈ,ਜੋ ਬੁੱਢੇ ਘਰ ਦੀਆਂ ਹੁਣ ਮਰ ਰਹੀਆਂ ਕੰਧਾਂ ਦਾ ਸਾਥੀ ਹੈ.

ਲੈ ਆ ਗਈ ਢੋਲ ਢਮੱਕਿਆ ਨਾਲ ਵਿਸਾਖੀ

ਤੂੜੀ ਤੰਦ ਸਾਂਬ ਹਾੜੀ ਵੇਚ ਵੱਟਕੇ
ਲੰਬਰਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਕੱਛੇ ਮਾਰ ਵੰਜਲੀ ਆੰਨਦ ਸ਼ਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਧਨੀ ਰਾਮ ਚਾਤਿ੍ਕ ਜੀ ਹੋਰਾਂ ਦੇ ਇਹਨਾਂ ਬੋਲਾਂ ਨਾਲ ਸਾਰਿਆਂ ਹੀ ਪੰਜਾਬੀਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ